ਕੁਲਵੰਤ ਸਿੰਘ ਵਿਰਕ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਕੁਲਵੰਤ ਸਿੰਘ ਵਿਰਕ (1921–1987) : ਪੰਜਾਬ ਦੇ ਪ੍ਰਸਿੱਧ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਦਾ ਜਨਮ ਪਿੰਡ ਫੁਲਵਰਨ (ਫੁਲੇਰਨ) ਜ਼ਿਲ੍ਹਾ ਸ਼ੇਖੂਪੁਰਾ ਜੋ ਅੱਜ-ਕੱਲ੍ਹ ਪਾਕਿਸਤਾਨ ਵਿੱਚ ਹੈ, ਵਿਖੇ ਆਸਾ ਸਿੰਘ ਦੇ ਘਰ 21 ਮਾਰਚ 1921 ਨੂੰ ਹੋਇਆ। ਉਸ ਨੇ ਮੁਢਲੀਆਂ ਚਾਰ ਜਮਾਤਾਂ ਆਪਣੇ ਪਿੰਡ ਦੇ ਸਕੂਲ ਵਿੱਚ ਪੜ੍ਹੀਆਂ ਅਤੇ ਨੇੜੇ ਹੀ ਪੈਂਦੇ ਗੁਰੂ ਨਾਨਕ ਦੇਵ ਦੇ ਜਨਮ-ਸਥਾਨ ਨਨਕਾਣਾ ਸਾਹਿਬ ਦੇ ਸਕੂਲ ਵਿੱਚੋਂ ਪੰਜਵੀਂ ਪਾਸ ਕੀਤੀ। ਮੈਟ੍ਰਿਕ ਸ਼ੇਖੂਪੁਰਿਉਂ ਪਾਸ ਕਰ ਕੇ ਐਫ.ਸੀ. ਕਾਲਜ, ਲਾਹੌਰ ਤੋਂ ਬੀ.ਏ. ਅਤੇ ਖਾਲਸਾ ਕਾਲਜ, ਅੰਮ੍ਰਿਤਸਰ ਤੋਂ ਐਮ.ਏ. ਅੰਗਰੇਜ਼ੀ ਪਾਸ ਕੀਤੀ। ਬਾਅਦ ਵਿੱਚ ਲਾਹੌਰ ਦੇ ਲਾਅ ਕਾਲਜ ਤੋਂ ਵਕਾਲਤ ਪਾਸ ਕੀਤੀ।

     ਕੁਲਵੰਤ ਸਿੰਘ ਵਿਰਕ 1942 ਵਿੱਚ ਬਤੌਰ ਲੈਫ਼ਟੀਨੈਂਟ ਫ਼ੌਜ ਵਿੱਚ ਭਰਤੀ ਹੋ ਗਿਆ। ਇਹ ਦੂਜੇ ਮਹਾਂਯੁੱਧ ਦਾ ਸਮਾਂ ਸੀ। ਇਸ ਮਹਾਂਯੁੱਧ ਦੇ ਖ਼ਤਮ ਹੁੰਦਿਆਂ ਹੀ ਵਿਰਕ ਜਿਹੇ ਹਜ਼ਾਰਾਂ ਭਾਰਤੀਆਂ ਨੂੰ ਫ਼ੌਜੀ ਨੌਕਰੀ ਤੋਂ ਜਵਾਬ ਦੇ ਦਿੱਤਾ ਗਿਆ। 1947 ਵਿੱਚ ਦੇਸ਼ ਅਜ਼ਾਦ ਹੋਇਆ ਤਾਂ ਭਾਰਤ ਪਾਕਿਸਤਾਨ ਵੰਡ ਸਮੇਂ ਫ਼ਿਰਕੂ ਦੰਗੇ ਸ਼ੁਰੂ ਹੋ ਗਏ। ਸਾਬਕਾ ਫ਼ੌਜੀ ਹੋਣ ਕਰ ਕੇ ਵਿਰਕ ਨੂੰ ਲੇਯਾਨ ਅਫ਼ਸਰ ਦੀ ਨੌਕਰੀ ਮਿਲ ਗਈ ਜਿਸ ਦਾ ਕੰਮ ਦੰਗਿਆਂ ਕਾਰਨ ਪਾਕਿਸਤਾਨ ਰਹਿ ਗਏ ਪਰਿਵਾਰਾਂ ਜਾਂ ਉਧਾਲੀਆਂ ਗਈਆਂ ਕੁੜੀਆਂ, ਔਰਤਾਂ ਨੂੰ ਹਿੰਦੁਸਤਾਨ ਲਿਆਉਣਾ ਸੀ। ਇਹ ਜ਼ੁੰਮੇਵਾਰੀ ਨਿਭਾਉਣ ਤੋਂ ਬਾਅਦ ਉਹ ਲੋਕ ਸੰਪਰਕ ਅਫ਼ਸਰ ਬਣ ਗਿਆ ਅਤੇ ਏਸੇ ਹੀ ਸਾਲ ਸਤੰਬਰ ਵਿੱਚ ਉਸ ਦਾ ਵਿਆਹ ਬੀਬੀ ਹਰਬੰਸ ਕੌਰ ਨਾਲ ਹੋਇਆ। ਉਹ ਭਾਰਤ ਸਰਕਾਰ ਦੇ ਸੂਚਨਾ ਮਹਿਕਮੇ ਵਿੱਚ ਇਨਫ਼ਰਮੇਸ਼ਨ ਅਫ਼ਸਰ ਲੱਗਾ ਰਿਹਾ। ਕੁਝ ਸਮਾਂ ਸੰਤਾਨ ਸੰਜਮ ਦੇ ਵਿਭਾਗ ਵਿੱਚ ਰਿਹਾ ਅਤੇ ਫਿਰ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਖੇ ਜਾਇੰਟ ਡਾਇਰੈਕਟਰ ਸੂਚਨਾ ਬਣਿਆ। ਅੰਤ ਉਹ ਪ੍ਰੈਸ ਸਕੱਤਰ, ਮੁੱਖ ਮੰਤਰੀ, ਪੰਜਾਬ ਦੇ ਅਹੁਦੇ ਤੋਂ ਸੇਵਾ ਮੁਕਤ ਹੋਇਆ ਸੀ। ਵਿੱਚ-ਵਿੱਚ ਉਹ ਪੰਜਾਬ ਦੇ ਸਰਕਾਰੀ ਰਸਾਲਿਆਂ ਐਡਵਾਂਸ ਅਤੇ ਜਾਗ੍ਰਿਤੀ ਦਾ ਸੰਪਾਦਕ ਵੀ ਰਿਹਾ। ਆਪਣੇ ਜਲੰਧਰ ਨਿਵਾਸ ਦੌਰਾਨ ਉਸ ਨੇ ਪੰਜਾਬੀ ਲੇਖਕ ਸਭਾ ਦੀ ਜਨਰਲ ਸਕੱਤਰੀ ਵੀ ਕੀਤੀ। ਸਾਲ 1987 ਦੀਆਂ ਸਰਦੀਆਂ ਵਿੱਚ ਵਿਰਕ ਅਕਾਲ ਚਲਾਣਾ ਕਰ ਗਿਆ।

     ਕਿਸੇ ਵੀ ਸਾਹਿਤਕਾਰ ਦੀ ਰਚਨਾ ਉਸ ਦੇ ਸੁਭਾਅ, ਪਰਿਵਾਰਿਕ ਪਿਛੋਕੜ ਅਤੇ ਜੀਵਨ ਵਿੱਚ ਪ੍ਰਾਪਤ ਵਿਭਿੰਨ ਅਨੁਭਵਾਂ `ਤੇ ਆਧਾਰਿਤ ਹੁੰਦੀ ਹੈ। ਵਿਰਕ ਟੱਪੇ ਦਾ ਜੰਮਪਲ ਕੁਲਵੰਤ ਸਿੰਘ ਕਿਰਸਾਣ ਪਰਿਵਾਰ ਵਿੱਚੋਂ ਸੀ। ਖੇਤੀ ਦੇ ਕੰਮਾਂ ਤੋਂ ਉਹ ਭਲੀ-ਭਾਂਤ ਜਾਣੂ ਸੀ। ਲਾਹੌਰ, ਅੰਮ੍ਰਿਤਸਰ ਵਿਖੇ ਪੜ੍ਹਦਿਆਂ ਵੀ ਉਹ ਪਿੰਡ ਨਾਲ ਜੁੜਿਆ ਰਿਹਾ। ਉਹ ਲਿਖਦਾ ਹੈ, ਮੇਰੇ ਘਰ ਵਾਲੇ ਹੱਥੀਂ ਵਾਹੀ ਕਰਦੇ ਸਨ। ਮੈਂ ਵੀ ਵਿੱਚੇ ਲੱਗ ਜਾਂਦਾ। ਇੱਕ ਕੰਮ ਜਿਹੜਾ ਮੈਂ ਕਦੀ ਨਾ ਕਰ ਸਕਿਆ ਉਹ ਰਾਤ ਦੀ ਨਹਿਰ ਦੀ ਪਾਣੀ ਦੀ ਵਾਰੀ ਲਾਣਾ ਸੀ। ਹਲ ਵਾਹਿਆ, ਫਲ੍ਹੇ ਗਾਹੇ ਪਰ ਸਭ ਤੋਂ ਵੱਧ ਖ਼ੁਸ਼ੀ ਉਸ ਨੂੰ ਮੱਝਾਂ ਨੂੰ ਚਰਾ ਕੇ ਹੁੰਦੀ ਸੀ। ਉਸ ਦੇ ਇਸੇ ਸ਼ੌਕ ਦੀ ਉਪਜ ਕਹਾਣੀ ‘ਦੋ ਆਨੇ ਦਾ ਘਾਹ’ ਹੈ। ਕਿਰਸਾਣੀ ਜੀਵਨ ਵਿਹਾਰ ਵਿੱਚੋਂ ਹੀ ਉਸ ਨੇ ‘ਚਾਚਾ`, ‘ਛਾਹ ਵੇਲਾ`, ‘ਦੁੱਧ ਦਾ ਛੱਪੜ`, ‘ਉਜਾੜ`, ‘ਤੂੜੀ ਦੀ ਪੰਡ`, ‘ਪੰਜਾਹ ਰੁਪਏ`, ‘ਸਾਂਝ` ਜਿਹੀਆਂ ਕਹਾਣੀਆਂ ਦੀ ਸਿਰਜਣਾ ਕੀਤੀ। ਪਿੰਡ ਉਸ ਨੂੰ ਮਿਹਨਤ-ਮੁਸ਼ੱਕਤ ਦਾ ਸਮੁੰਦਰ ਲੱਗਦਾ ਸੀ। ਪੰਜਾਬੀਆਂ ਦੇ ਮਿਹਨਤੀ ਸੁਭਾਅ ਬਾਰੇ ਉਹ ਲਿਖਦਾ ਹੈ:

     ਜਦੋਂ ਲੋਕ ਇਹ ਕਹਿੰਦੇ ਹਨ ਕਿ ਅਸੀਂ ਹਿੰਦੋਸਤਾਨੀ ਬੜੇ ਆਲਸੀ ਲੋਕ ਹਾਂ ਤਾਂ ਮੈਂ ਇਹ ਮੰਨਣ ਤੋਂ ਨਾਂਹ ਕਰ ਦਿੰਦਾ ਹਾਂ-ਘੱਟੋ-ਘੱਟ ਪੰਜਾਬੀਆਂ ਬਾਰੇ ਮੇਰਾ ਅਨੁਭਵ ਇਸ ਤੋਂ ਵੱਖਰਾ ਹੈ।

ਵਿਰਕ ਨੇ ਆਪਣੇ ਅਨੁਭਵ ਖੇਤਰ ਬਾਰੇ ਲਿਖਿਆ ਹੈ:

     ਜਿਸ ਜੀਵਨ ਦਾ ਅਨੁਭਵ ਮੈਨੂੰ ਹੋਇਆ ਉਹ ਬੜਾ ਸਾਦਾ ਜਿਹਾ ਸੀ। ਬਸ ਮਨੁੱਖ, ਉਸ ਦਾ ਟੱਬਰ ਅਤੇ ਡੰਗਰ, ਪੈਲੀਆਂ, ਮੀਂਹ ਅਤੇ ਰੁੱਤਾਂ ਜਿਨ੍ਹਾਂ ਨਾਲ ਫ਼ਸਲਾਂ ਵੱਧ ਕੇ ਪੱਕਦੀਆਂ ਅਤੇ ਮਨੁੱਖ ਦਾ ਬਲੀ ਹੱਥ ਜਿਹੜਾ ਹਰ ਸ਼ੈ ਵਿੱਚ ਜਾਨ ਪਾਂਦਾ ਅਤੇ ਦੁਸ਼ਮਣਾਂ ਨੂੰ ਠੱਲ ਪਾਈ ਰੱਖਦਾ। ਬਾਕੀ ਚੀਜ਼ਾਂ ਜਿਵੇਂ ਕਲਾ, ਪ੍ਰੇਮ ਅਤੇ ਇਸਤਰੀ ਐਵੇਂ ਫ਼ੈਸ਼ਨ ਜਾਂ ਸ਼ਾਇਦ ਵੈਲ ਸਨ।

     ਕੁਲਵੰਤ ਸਿੰਘ ਵਿਰਕ ਦੇ ਉਪਰੋਕਤ ਕਥਨ ਅਨੁਸਾਰ ਪੰਜਾਬੀ ਸਮਾਜ ਅਤੇ ਸੱਭਿਆਚਾਰ ਉਸ ਦੀ ਸਾਹਿਤ ਰਚਨਾ ਦਾ ਕਾਰਜ ਖੇਤਰ ਹਨ। ਪੰਜਾਬ ਦਾ ਭੂਗੋਲਿਕ ਖੇਤਰ, ਵਾਤਾਵਰਨ, ਜਲਵਾਯੂ, ਨਹਿਰਾਂ, ਖੂਹ, ਖੇਤਾਂ ਵਿੱਚ ਹਲਾਂ ਦਾ ਵਗਣਾ, ਮੰਗ ਪਾ ਕੇ ਵਾਢੀ-ਜੋਤੀ ਦਾ ਕੰਮ ਨਿਬੇੜਨਾ, ਪਸ਼ੂਆਂ ਨਾਲ ਮਾਨਵੀ-ਮੋਹ, ਮੇਲੇ, ਤਿਥ-ਤਿਉਹਾਰ, ਸ਼ਰਾਬ ਪੀ ਕੇ ਲੜਾਈ ਕਰਨੀ, ਕੇਵਲ ਆਪਣੀ ਤਾਕਤ ਪਰਖਣ ਲਈ ਹੀ, ਬਿਨਾਂ ਕਿਸੇ ਕਾਰਨ ਜਾਂ ਦੁਸ਼ਮਣੀ ਦੇ ਕਿਸੇ ਦੀਆਂ ਲੱਤਾਂ ਬਾਹਵਾਂ ਤੋੜ ਦੇਣੀਆਂ, ਅਣਖ ਦੀ ਖ਼ਾਤਰ ਕਤਲ ਕਰ ਦੇਣਾ, ਪੁਲਿਸ ਤੋਂ ਡਰਨਾ, ਡਰਦਿਆਂ ਹੀ ਕਈ ਵਾਰ ਘਰੋਂ ਚੋਰੀ ਭਜ ਕੇ ਫ਼ੌਜ ਵਿੱਚ ਭਰਤੀ ਹੋ ਜਾਣਾ, ਰਿਸ਼ਵਤ ਦੇ ਰੂਪ ਵਿੱਚ ਪੁਲਿਸ ਅਫ਼ਸਰਾਂ ਦੇ ਘਰੀਂ ਦੁੱਧ ਵਾਸਤੇ ਮੱਝਾਂ, ਗਾਵਾਂ ਭੇਜ ਦੇਣੀਆਂ, ਦਾਅ ਲੱਗਣ ਤੇ ਚੌਧਰ ਪੁਗਾਉਣੀ, ਰੋਹਬ ਨਾਲ ਰਹਿਣਾ ਅਤੇ ਪਿਆਰ ਦੇ ਬਦਲੇ ਨਿਰਸੁਆਰਥ ਪਿਆਰ, ਸਤਿਕਾਰ, ਮਾਣ ਦੇਣਾ, ਪੰਜਾਬੀਅਤ ਦੇ ਪਛਾਣ ਚਿੰਨ੍ਹ ਹਨ ਜੋ ਵਿਰਕ ਦੀਆਂ ਕਹਾਣੀਆਂ ਵਿੱਚ ਥਾਂ ਪੁਰ ਥਾਂ ਮੋਤੀਆਂ ਵਾਂਗ ਪਰੋਏ ਪਏ ਹਨ। ਜਿੱਥੇ ਉਹ ਪੇਂਡੂ ਕਿਰਸਾਣੀ ਵਿੱਚ ਸਾਂਝ-ਭਿਆਲੀ ਦੀ ਵਡਿਆਈ ਕਰਦਾ ਹੈ, ਉੱਥੇ ਸ਼ਰੀਕਾਚਾਰੀ ਵਿਚਲੀ ਦੁਸ਼ਮਣੀ ਦੀਆਂ ਪਰਤਾਂ ਵੀ ਉਘਾੜਦਾ ਹੈ-(ਦੁੱਧ ਦਾ ਛੱਪੜ)। ਜੇ ਪਿਆਰ ਅਤੇ ਦੋਸਤੀ ਨਿਭ ਰਹੀ ਹੈ ਤਾਂ ਉੱਥੇ ਜਾਤ ਬਰਾਦਰੀ ਤਾਂ ਕੀ ਧਰਮਾਂ ਦਾ ਵਖਰੇਵਾਂ ਵੀ ਰੁਕਾਵਟ ਨਹੀਂ ਬਣ ਸਕਦਾ-(ਛਾਹ ਵੇਲਾ)। ਪਿੰਡ ਸਾਂਝ ਪਰੋਤੀ ਸਮਾਜਿਕ ਇਕਾਈ ਹੈ ਜਿਸ ਵਿੱਚ ਉੱਚੀ-ਨੀਵੀਂ ਜਾਤ ਅਤੇ ਰੁਤਬੇ ਦੇ ਬਾਵਜੂਦ ਇਨਸਾਨੀ ਏਕਤਾ ਹੈ। ਧੀ ਭੈਣ ਦੀ ਇੱਜ਼ਤ ਦਾ ਪਾਸ ਹੈ-(ਉਜਾੜ)।

     ਕੁਲਵੰਤ ਸਿੰਘ ਵਿਰਕ ਨੇ ਕੁਝ ਸਮਾਂ ਫ਼ੌਜ ਦੀ ਨੌਕਰੀ ਕੀਤੀ ਸੀ ਜਿਸ ਵਿਚਲੇ ਅਨੁਭਵ ਵੀ ਉਸ ਦੀਆਂ ਕਹਾਣੀਆਂ ਦੀ ਜਿੰਦ-ਜਾਨ ਬਣੇ ਹਨ। ਉਸ ਅਨੁਸਾਰ ਅੰਗਰੇਜ਼ ਦੇ ਰਾਜ ਦੌਰਾਨ ਫ਼ੌਜ ਦੇ ਸਾਰੇ ਅਫ਼ਸਰ ਅੰਗਰੇਜ਼ ਹੁੰਦੇ ਸਨ ਅਤੇ ਸਿਪਾਹੀ ਭਾਰਤੀ। ਜਿਹੜੇ ਥੋੜ੍ਹੇ ਬਹੁਤ ਭਾਰਤੀ ਅਫ਼ਸਰ ਸਨ, ਉਹਨਾਂ ਨੂੰ ਅੰਗਰੇਜ਼ ਅਫ਼ਸਰ ਕਦੇ ਵੀ ਬਰਾਬਰੀ ਦਾ ਦਰਜਾ ਨਹੀਂ ਦਿੰਦੇ ਸਨ। ਅੰਗਰੇਜ਼ ਅਫ਼ਸਰ ਆਮ ਕਰ ਕੇ ਜ਼ਾਲਮਾਨਾ-ਤਬੀਅਤ ਵਾਲੇ ਸਨ-(ਕਿਸੇ ਹੋਰ ਨੂੰ ਵੀ)। ਭਾਰਤੀ ਲੋਕਾਂ ਦੇ ਮਨਾਂ ਵਿੱਚ ਫ਼ੌਜੀਆਂ ਵਾਸਤੇ ਮਾਣ, ਪਿਆਰ ਅਤੇ ਸੁਰੱਖਿਆ ਦਾ ਅਹਿਸਾਸ ਭਰਪੂਰ ਹੈ-(ਸੋ ਭਾਈ ਸੋ ਮੇਰਾ ਵੀਰ)। ਫ਼ੌਜੀ ਈਮਾਨਦਾਰ, ਦਲੇਰ ਅਤੇ ਸੁਹਿਰਦ ਹੁੰਦੇ ਹਨ- (ਮੇਜਰ)।

     ਕੁਲਵੰਤ ਸਿੰਘ ਵਿਰਕ ਨੇ ਭਾਰਤ-ਪਾਕਿ ਵੰਡ ਸਮੇਂ ਲੇਯਾਨ ਅਫ਼ਸਰ ਦੀ ਜ਼ੁੰਮੇਵਾਰੀ ਨਿਭਾਉਂਦਿਆਂ ਕੁਝ ਅਜਿਹੇ ਅਨੁਭਵ ਪ੍ਰਾਪਤ ਕੀਤੇ ਜੋ ਕੇਵਲ ਉਸ ਦੇ ਆਪਣੇ ਨਿੱਜੀ ਸਨ ਅਤੇ ਉਹਨਾਂ ਬਾਰੇ ਕੇਵਲ ਉਹ ਹੀ ਕਹਾਣੀਆਂ ਲਿਖ ਸਕਦਾ ਸੀ। ਦੇਸ਼ ਦੇ ਬਟਵਾਰੇ ਅਤੇ ਫ਼ਿਰਕੂ ਆਧਾਰ ਤੇ ਜਨਤਾ ਦੇ ਤਬਾਦਲੇ ਨੇ ਘਟੀਆ ਸੋਚ ਵਾਲੇ ਲੋਕਾਂ ਦੇ ਸਵਾਰਥ ਨੂੰ ਏਨਾ ਭੜਕਾ ਦਿੱਤਾ ਕਿ ਉਹਨਾਂ ਨੇ ਦੰਗੇ ਫ਼ਸਾਦ ਕਰਵਾ ਕੇ ਅਣਗਿਣਤ ਮਸੂਮਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਕੁੜੀਆਂ, ਔਰਤਾਂ ਦੀ ਇੱਜ਼ਤ ਖੇਹ-ਖ਼ਰਾਬ ਕਰਵਾ ਦਿੱਤੀ। ਇਹਨਾਂ ਖਜਲ-ਖਵਾਰ ਹੋਈਆਂ ਅਬਲਾਵਾਂ ਨੂੰ ਇੱਕ ਪਾਸੇ ਉਹਨਾਂ ਦੇ ਘਰ ਦਿਆਂ ਨੇ ਕਬੂਲਣੋਂ ਇਨਕਾਰ ਕਰ ਦਿੱਤਾ, ਦੂਜੇ ਪਾਸੇ ਦੰਗਾਕਾਰੀਆਂ ਨੇ ਚੂਪ ਕੇ ਸੁਟੀਆਂ ਛਿਲੜਾਂ ਵਾਂਗ ਇਹਨਾਂ ਨੂੰ ਗ਼ਰੀਬਾਂ, ਕੰਮੀ-ਕੰਮੀਣਾਂ ਦੇ ਹਵਾਲੇ ਕਰ ਦਿੱਤਾ। ਅਜਿਹੀ ਹਾਲਤ ਵਿੱਚ ਬਹੁਤੀਆਂ ਨੇ ਆਤਮ-ਹੱਤਿਆਵਾਂ ਕਰ ਲਈਆਂ ਅਤੇ ਬਾਕੀਆਂ ਨੇ ਵੇਸਵਾਪੁਣੇ ਨੂੰ ਆਪਣਾ ਸਹਾਰਾ ਬਣਾ ਲਿਆ ਪਰ ਵਿਰਕ ਨੇ ਇੱਕ ਵਿਲੱਖਣ ਰਾਹ ਅਪਣਾਇਆ ਜਾਂਦਾ ਵੀ ਦੱਸਿਆ ਹੈ। ਉਸ ਦੀ ‘ਖੱਬਲ’ ਕਹਾਣੀ ਦੀ ਪਾਤਰ, ਜਿਸ ਦੇ ਪਰਿਵਾਰ ਦੇ ਸਾਰੇ ਲੋਕ ਮਾਰੇ ਗਏ ਸਨ। ਉਸ ਦੀ ਨਣਾਨ ਨੂੰ ਨਾਲ ਦੇ ਪਿੰਡ ਦੇ ਬਲਵਈ ਖੋਹ ਕੇ ਲੈ ਗਏ ਸਨ। ਉਹ ਆਪ ਖੋਹੀ ਮਰੋੜੀ ਹਾਲਤ ਵਿੱਚ ਸੀ। ਉਹ ਲੈਣ ਆਏ ਫ਼ੌਜੀ ਅਫ਼ਸਰ ਨੂੰ ਕਹਿੰਦੀ ਹੈ ਕਿ ਉਹ ਹਿੰਦੋਸਤਾਨ ਨਹੀਂ ਜਾਣਾ ਚਾਹੁੰਦੀ, ਉੱਥੇ ਉਸ ਦਾ ਕੌਣ ਹੈ? ਜੇਕਰ ਉਸ ਦੀ ਨਣਾਨ ਉਸ ਨੂੰ ਮੁੜਵਾ ਦਿੱਤੀ ਜਾਵੇ ਤਾਂ ਉਸ ਦਾ ਹੱਥੀਂ ਵਿਆਹ ਕਰ ਕੇ ਰਿਸ਼ਤਿਆਂ ਨਾਤਿਆਂ ਵਾਲੀ ਬਣ ਕੇ ਆਪਣੇ ਜੀਵਨ ਨੂੰ ਨਵੀਂ ਪਿਉਂਦ ਚਾੜ੍ਹ ਸਕੇਗੀ। ਦੇਸ਼ ਵੰਡ ਨੇ ਕਈਆਂ ਨੂੰ ਖ਼ੌਫ਼ਨਾਕ ਹੱਦ ਤੱਕ ਇਕੱਲਿਆਂ ਕਰ ਦਿੱਤਾ ਸੀ-(ਮੈਨੂੰ ਜਾਣਨੈ)। ਕਈਆਂ ਦੀ ਜੱਦੀ-ਪੁਸ਼ਤੀ ਚੌਧਰ ਮਧੋਲ ਕੇ ਰੱਖ ਦਿੱਤੀ ਸੀ-(ਉਲ੍ਹਾਮਾਂ)। ਬਹੁਤਿਆਂ ਨੂੰ ਧਰਤੀ ਦਾ ਓਪਰਾਪਨ ਮਾਰ ਗਿਆ ਸੀ-(ਓਪਰੀ ਧਰਤੀ)।

     ਵਿਗਿਆਨਿਕ ਕਾਢਾਂ ਅਤੇ ਉਦਯੋਗਿਕ ਉੱਨਤੀ ਨੇ ਬਾਕੀ ਸੰਸਾਰ ਦੇ ਨਾਲ-ਨਾਲ ਸਾਡੇ ਦੇਸ਼ ਤੇ ਵੀ ਅਸਰ ਪਾਉਣਾ ਸ਼ੁਰੂ ਕਰ ਦਿੱਤਾ ਸੀ, ਭਾਵੇਂ ਧੀਮੀ ਗਤੀ ਨਾਲ ਹੀ। ਫਲਸਰੂਪ ਲੋਕਾਂ ਦੀ ਜੀਵਨ-ਜਾਚ, ਰਹਿਣੀ- ਬਹਿਣੀ, ਵਰਤੋਂ-ਵਿਹਾਰ ਅਤੇ ਮਨੋ-ਸੋਚ ਵਿੱਚ ਪਰਿਵਰਤਨ ਲੈ ਆਉਂਦਾ ਸੀ। ਵਿਰਕ ਨੇ ਇਸ ਪਰਿਵਰਤਨ ਨੂੰ ਬੜੀ ਸੂਖਮਤਾ ਨਾਲ ਪਛਾਣ ਕੇ ਕਹਾਣੀਆਂ ਵਿੱਚ ਪੇਸ਼ ਕੀਤਾ ਹੈ। ਨਹਿਰਾਂ ਪੁਟੀਆਂ ਗਈਆਂ, ਸੜਕਾਂ ਬਣੀਆਂ, ਡਾਕਖ਼ਾਨੇ, ਸਕੂਲ, ਹਸਪਤਾਲ ਖੁੱਲ੍ਹ ਗਏ। ਨਵੀਂ ਪੀੜ੍ਹੀ ਪੜ੍ਹ ਲਿਖ ਕੇ ਜਾਗ੍ਰਿਤ ਹੋ ਗਈ। ਜਾਤ ਬਰਾਦਰੀ ਦਾ ਸਖ਼ਤ ਖੋਲ ਟੁਟਿਆ। ਨਵੇਂ ਮੁੰਡੇ ਅਫ਼ਸਰਾਂ ਨਾਲ ਬਹਿਸ ਕਰਨ ਯੋਗ ਹੋਏ। ਰਾਜ ਨੇਤਾਵਾਂ ਦੀ ਚੋਣ ਵਾਸਤੇ ਪਰੰਪਰਾਗਤ ਜਾਤ- ਬਰਾਦਰੀ ਦੇ ਮਾਪ-ਦੰਡ ਦੀ ਥਾਂ ਪੜ੍ਹਾਈ, ਸਮਝ ਅਤੇ ਸਿਆਣਪ ਆਧਾਰ ਬਣਨ ਲੱਗੀ-(ਉਜਾੜ)। ਜਾਤੀ ਸਾਂਝ ਦੀ ਥਾਂ, ਕਿੱਤੇ ਦੀ ਸਾਂਝ ਨੇ ਪ੍ਰਮੁਖ ਥਾਂ ਲੈ ਲਈ-(ਤੂੜੀ ਦੀ ਪੰਡ)। ਸ਼ਹਿਰੀ ਤੇ ਪੇਂਡੂ ਲੋਕਾਂ ਵਿੱਚ ਮਾਨਸਿਕ ਪਾੜਾ ਵੱਧਣ ਲੱਗਾ-(ਬੈਰਿਸਟਰ ਸਾਹਿਬ)। ਨਵੀਆਂ ਸਾਂਝਾਂ ਬਣਨ ਲੱਗੀਆਂ-(ਦੋ ਆਨੇ ਦਾ ਘਾਹ)। ਪਰੰਪਰਾਗਤ ਮਿਥ ਪਿੰਡ ਦੀ ਧੀ ਸਭ ਦੀ ਧੀ ਦਾ ਸੰਕਲਪ ਟੁੱਟਣ ਲੱਗਾ-(ਮਾਵਾਂ ਧੀਆਂ)। ਕਹਾਣੀਆਂ ਵਿੱਚ ਇਸ ਤਬਦੀਲੀ ਦੀ ਕਲਾਤਮਿਕ ਪੇਸ਼ਕਾਰੀ ਵਿਰਕ ਦੀ ਖ਼ਾਸ ਪ੍ਰਾਪਤੀ ਹੈ।

     ਕੁਲਵੰਤ ਸਿੰਘ ਵਿਰਕ ਨੇ ਆਪਣੀਆਂ ਕਹਾਣੀਆਂ ਵਿੱਚ ਔਰਤ ਨੂੰ ਸੁਹਿਰਦਤਾਪੂਰਨ ਦ੍ਰਿਸ਼ਟੀਕੋਣ ਤੋਂ ਪੇਸ਼ ਕੀਤਾ ਹੈ। ਉਸ ਦੀਆਂ ਕਹਾਣੀਆਂ ਵਿੱਚ ਅਨਪੜ੍ਹ ਪੇਂਡੂ ਔਰਤ ਦੀ ਪੇਸ਼ਕਾਰੀ ਮਾਮੂਲੀ ਜਿਹੀ ਹੈ। ਉਸ ਨੇ ਪੜ੍ਹੀ ਲਿਖੀ, ਪੈਰਾਂ ਸਿਰ ਖੜੀ, ਆਪਣੀ ਹੋਂਦ ਅਤੇ ਸੋਚ ਦੀ ਮਾਲਕ ਨਵੇਂ ਜ਼ਮਾਨੇ ਦੀ ਔਰਤ ਨੂੰ ਬੜੀ ਰੀਝ ਨਾਲ ਕਹਾਣੀਆਂ ਦੀ ਪਾਤਰ ਬਣਾਇਆ ਹੈ। ਪੇਂਡੂ ਪਰਿਵਾਰ ਦੀ ਡਾਕਟਰੀ ਪਾਸ ਕੁੜੀ ਵੱਲੋਂ ਆਪਣੇ ਇਲਾਕੇ ਦੇ ਲੋਕਾਂ ਦੀ ਸੇਵਾ ਕਰਨ ਦੇ ਫ਼ੈਸਲੇ ਨੂੰ ਉਹ ਨਮਸਕਾਰ ਕਰਦਾ ਹੈ-(ਨਮਸਕਾਰ)। ਦੂਰ-ਦੁਰਾਡੇ ਪੇਂਡੂ ਸਕੂਲਾਂ ਵਿੱਚ ਗਾਰੇ ਚਿੱਕੜ ਨਾਲ ਭਰੇ ਰਸਤਿਆਂ ਅਤੇ ਚਰ੍ਹੀਆਂ ਕਮਾਦਾਂ ਵਿੱਚੋਂ ਲੰਘਦੀਆਂ ਡੰਡੀਆਂ ਤੋਂ ਜਾ ਕੇ ਪੜ੍ਹਾਉਂਦੀਆਂ ਅਧਿਆਪਕਾਵਾਂ ਨੂੰ ਉਹ ਸ਼ੇਰਨੀਆਂ ਕਹਿੰਦਾ ਹੈ-(ਸ਼ੇਰਨੀਆਂ)। ਸ਼ਹਿਰੀ ਵੱਸਦੀ ਮੱਧ ਸ਼੍ਰੇਣੀ, ਜਿੱਥੇ ਔਰਤਾਂ ਨਿੱਝਕ ਓਪਰੇ ਮਰਦਾਂ ਨਾਲ ਗੱਲਾਂ ਕਰ ਸਕਦੀਆਂ ਹਨ, ਨੂੰ ਉਹ ਨਵੇਂ ਲੋਕ ਦੱਸਦਾ ਹੈ-(ਨਵੇਂ ਲੋਕ)। ਇਸ ਸਭ ਕਾਸੇ ਦੇ ਬਾਵਜੂਦ ਉਸ ਨੂੰ ਔਰਤ ਦਾ ਮਰਯਾਦਾ-ਬੱਧ ਰੂਪ ਹੀ ਪਸੰਦ ਸੀ। ਅਤਿ-ਆਧੁਨਿਕਤਾ ਦੇ ਪਰਦੇ ਪਿੱਛੇ ਰੰਗ ਰਸ ਮਾਨਣ ਵਾਲੀ ਔਰਤ ਨੂੰ ਉਹ ਘਾਟੇਵੰਦਾ ਸੌਦਾ ਕਰ ਰਹੀ ਗਰਦਾਨਦਾ ਹੈ-(ਪਾਪਣ, ਗਊ, ਪੂਰਨ ਦਾ ਭਗਤ, ਸੌਂਕਣ ਆਦਿ)। ਅਤਰ ਸਿੰਘ ਨੇ ਉਸ ਬਾਰੇ ਲਿਖਿਆ ਹੈ :

     ਉਹ ਆਪਣੇ ਪਾਤਰਾਂ ਨੂੰ ਡੂੰਘੀ ਸਾਂਝ ਨਾਲ ਇਉਂ ਪੇਸ਼ ਕਰਦਾ ਹੈ ਕਿ ਉਹਨਾਂ ਦੀਆਂ ਤਰੁੱਟੀਆਂ ਦੇ ਬਾਵਜੂਦ ਸਾਨੂੰ ਉਹਨਾਂ ਨਾਲ ਪਿਆਰ ਪਾਣੋਂ ਸੰਕੋਚ ਨਹੀਂ ਹੁੰਦਾ।

          ਕੁਲਵੰਤ ਸਿੰਘ ਵਿਰਕ ਨੇ ਅੱਠ ਕਹਾਣੀ ਸੰਗ੍ਰਹਿ ਪੰਜਾਬੀ ਸਾਹਿਤ ਜਗਤ ਨੂੰ ਦਿੱਤੇ ਹਨ : ਛਾਹ ਵੇਲਾ (1950), ਧਰਤੀ ਤੇ ਆਕਾਸ਼ (1951), ਤੂੜੀ ਦੀ ਪੰਡ (1954), ਏਕਸ ਕੇ ਹਮ ਬਾਰਿਕ (1955), ਦੁੱਧ ਦਾ ਛੱਪੜ (1957), ਗੋਲ੍ਹਾਂ (1961), ਨਵੇਂ ਲੋਕ (1967) ਅਤੇ ਅਸਤਬਾਜੀ (1984)। ਕਹਾਣੀ ਸੰਗ੍ਰਹਿ ਦੁੱਧ ਦਾ ਛੱਪੜ ਨੂੰ 1959 ਵਿੱਚ ਭਾਸ਼ਾ ਵਿਭਾਗ ਪੰਜਾਬ ਅਤੇ ਨਵੇਂ ਲੋਕ ਨੂੰ 1969 ਵਿੱਚ ਸਾਹਿਤ ਅਕਾਦਮੀ ਵੱਲੋਂ ਇਨਾਮ ਦਿੱਤੇ ਗਏ ਹਨ। ਵਿਰਕ ਦੀਆਂ ਕਹਾਣੀਆਂ ਵਿੱਚ ਪੰਜਾਬੀ ਸਮਾਜਿਕ, ਸੱਭਿਆਚਾਰਿਕ ਪਰੰਪਰਾਵਾਂ ਨਾਲ ਲਬਰੇਜ਼ ਪੰਜਾਬੀ ਮਾਨਸਿਕ ਬਣਤਰ ਦੀ ਖ਼ੂਬਸੂਰਤ ਪੇਸ਼ਕਾਰੀ ਹੋਈ ਹੈ। ਉਸ ਦੀ ਸੂਖਮ ਦ੍ਰਿਸ਼ਟੀ ਆਮ ਜਿਹੀਆਂ ਲੱਗਦੀਆਂ ਘਟਨਾਵਾਂ ਵਿੱਚੋਂ ਵੀ ਵਿਲੱਖਣਤਾ ਢੂੰਡ ਲੈਂਦੀ ਸੀ। ਇਸੇ ਕਰ ਕੇ ਹੀ ਪ੍ਰਸਿੱਧ ਕਹਾਣੀਕਾਰ ਅਜੀਤ ਕੌਰ ਉਸ ਨੂੰ ਪੰਜਾਬੀ ਕਹਾਣੀ ਦਾ ਬਾਦਸ਼ਾਹ ਕਹਿੰਦੀ ਹੈ।


ਲੇਖਕ : ਗੁਰਦੇਵ ਸਿੰਘ ਚੰਦੀ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 13296, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-19, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.